Tuesday, March 31, 2015

ਅੱਜ ਮੀਂਹ ਨਹੀ ਪੈਣਾ

ਤੈਂ ਸਚ ਈ ਕਿਹਾ ਸੀ,
"ਸ਼ਰਤ ਲਾ ਲੈ, ਅੱਜ ਮੀਂਹ ਨਹੀ ਪੈਣਾ,"
ਰਸੋਈ ਵਿਚ ਖੜ੍ਹੀ
ਪਸੀਨੋ ਪਸੀਨ ਹੋਈ 
ਮੈਂ ਹੱਸੀ ਸੀ, 
ਬੜਾ ਹੱਸੀ ਸੀ,
"ਹਾਂ, ਤੇ ਮੈਂ ਕਦ ਕਿਹਾ ਮੀਂਹ ਪੈਣੈ?
ਇਹਨਾਂ ਦਿਨਾਂ ਵਿਚ ਮੀਂਹ ਨਹੀਂ ਪਿਆ ਕਰਦੇ,
ਬਸ ਮਿੱਟੀ ਲੱਦੀਆਂ ਹਵਾਵਾਂ ਸਾਹ ਘੋਟਦੀਆਂ ਨੇ..."
"ਨਹੀਂ,
ਕਿਹੈ ਤੂੰ ,
ਮੀਂਹ ਪੈਣੈ,
ਮੈਂ ਕਹਿਨਾਂ
ਮੀਂਹ ਨਹੀ ਪੈਣਾ।" 
ਤੈਨੂੰ ਕਿੰਝ ਪਤਾ ਸੀ,
ਅੰਦਰੋਂ ਮੈਂ ਮੀਂਹ ਦੀ ਉਮੀਦ ਲਾ ਕੇ ਬੈਠੀ ਸਾਂ? 
ਮੈਨੂੰ ਲੱਗਦਾ ਸੀ
ਮੈਂ ਸ਼ਰਤ ਹਾਰ ਗਈ-
ਪਰ ਬਾਹਰ ਬੱਦਲ ਆਏ,
ਮੈਂ ਅਸਮਾਨ ਵੀ ਘੋਖਿਆ,
ਸਵੇਰੇ ਤੈਨੂੰ ਝੂਠ ਮੂਠ ਆਖਾਂਗੀ,
"ਰਾਤ ਕਿਣ ਮਿਣ ਤੇ ਹੋਈ ਏ" -
ਤੇ ਤੂੰ ਹੱਸ ਕੇ ਆਖੇਂਗਾ,
"ਲੈ ਬਾਬਾ ਤੂਹੋੰ ਜਿੱਤੀ।" 
ਆਹੋ ਮੈਂ ਈ ਜਿੱਤੀ ਆਂ-
ਅਖੀਆਂ ਅੱਜ ਏਨਾ ਕੁ ਵਰਸੀਆਂ
ਕਿ ਸਭ ਬਰਸਾਤਾਂ ਹਾਰ ਗਈਆਂ । 
ਰਾਤੀਂ ਮੀਂਹ ਪਿਆ ਸੀ-
ਬੜਾ ਮੀਂਹ ਪਿਆ ਸੀ ।

5 comments:

ਸਫ਼ਰ ਸਾਂਝ said...

ਆਪ ਦਾ ਬਲਾਗ ਪੜ੍ਹਨ ਦਾ ਸਬੱਬ ਬਣਿਆ। ਬਹੁਤ ਚੰਗਾ ਲੱਗਾ। ਹਰ ਰਚਨਾ ਬਹੁਤ ਵਧੀਆ ਢੰਗ ਨਾਲ ਬਿਆਨੀ ਗਈ ਹੈ।
ਇਹ ਖੁੱਲ੍ਹੀ ਕਵਿਤਾ ਅੱਜ ਮੀਂਹ ਨਹੀਂ ਪੈਣਾ ਬਹੁਤ ਡੂੰਘੇ ਅਰਥ ਰੱਖਦੀ ਹੈ। ਬਹੁਤ ਵਧੀਆ ਲੱਗੀ। ਹੋਰ ਪੋਸਟਾਂ 'ਚ ਛੋਟੀਆਂ ਛੋਟੀਆਂ ਗੱਲਾਂ ਨੂੰ ਬੜੇ ਸਲੀਕੇ ਨਾਲ ਪਰੋਸਿਆ ਗਿਆ ਹੈ। ਬਹੁਤ ਖੂਬ !
ਕਦੇ ਸਮਾਂ ਮਿਲੇ ਤਾਂ ਜ਼ਰੂਰ ਪੜ੍ਹਨਾ
http://haikulok.blogspot.com.au/

Mampi said...

Thanks Dr Sandhu. I will visit your blog soon.

ਸਫ਼ਰ ਸਾਂਝ said...

ਇਹ ਮੇਰਾ ਬਲਾਗ ਨਹੀਂ ਹੈ। ਇਹ ਸਾਡਾ ਸਾਰਿਆਂ ਦਾ ਸਾਂਝਾ ਮੰਚ ਹੈ ਜਿੱਥੇ ਅਸੀਂ ਸਾਰੇ ਰਲ ਕੇ ਛੋਟੀਆਂ ਛੋਟੀਆਂ ਖੁਸ਼ੀਆਂ ਸਾਂਝੀਆਂ ਕਰਦੇ ਹਾਂ। ਆਪ ਜੀ ਦੀ ਲਿਖਤ ਜਿਸ 'ਚ ਆਪ ਦੇ ਮੰਮਾ ਨੂੰ ਕਿਸੇ ਨੇ ਕਿਹਾ ਸੀ ਕਿ "ਕੁਝ ਪੜ੍ਹੇ ਲਿਖੇ ਵੀ ਹੋ ?" ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ। ਮੈਨੂੰ ਅਜਿਹੇ ਲੋਕਾਂ ਦੀ ਸੋਚ 'ਤੇ ਗੁੱਸਾ ਨਹੀਂ ਤਰਸ ਆਉਂਦਾ ਹੈ। ਆਪ ਦੀਆਂ ਲਿਖਤਾਂ ਮੈਂ ਸਭ ਨਾਲ ਸਾਂਝੀਆਂ ਕਰਨੀਆਂ ਚਾਹੁੰਦੀ ਹਾਂ। ਮੈਨੂੰ ਬਹੁਤ ਖੁਸ਼ੀ ਹੋਵੇਗੀ ਜੇ ਆਪ ਹਾਮੀ ਭਰ ਦੇਵੋ।
ਈ -ਮੇਲ - haikusyd@gmail.com

Mampi said...

ਡਾ. ਸੰਧੂ ਜੀਓ,
ਜੀਅ ਸਦਕੇ ਸਾਂਝੀਆਂ ਕਰੋ
-ਮਨਪ੍ਰੀਤ...

Mampi said...

Kindly also check your given email !!