Tuesday, December 06, 2022
Violence against Women
ਅੱਜ ਸਵੇਰੇ ਰੇਡੀਓ ਸ਼ੋਅ ਦਾ ਵਿਸ਼ਾ ਅਚਾਨਕ ਬਦਲਿਆ ਤੇ ਨਿਊ ਯੌਰਕ ਵਿੱਚ ਹਾਲ ਹੀ ਵਿਚ ਮਨਦੀਪ ਕੌਰ ਦੇ ਲੁਕ ਕੇ ਬਣਾਏ ਗਏ ਵੀਡੀਓ ਵੇਖਣੇ ਪਏ, ਜੋ ਉਸ ਦੇ ਘਰ ਵਿਚ ਵਾਪਰਦੀ ਹਿੰਸਾ, ਉਸ ਦੀ ਕੁੱਟ ਮਾਰ, ਉਸ ਨੂੰ ਤੇ ਉਸ ਦੀਆਂ ਬੱਚੀਆਂ ਨੂੰ ਮਿਲ਼ਦੀਆਂ ਗੰਦੀਆਂ ਗਾਹਲਾਂ ਦੇ ਗਵਾਹ ਨੇ; ਅਤੇ ਅੰਤ ਉਸ ਦਾ ਆਤਮ -ਘਾਤ ਕਰਨ ਦਾ ਫ਼ੈਸਲਾ ਸੁਣਾਉਣ ਦੇ ਵੀਡੀਓ ਦੇਖਣੇ ਪਏ। ਪਰਸੋਂ ਰਾਤ ਤੋਂ ਮੈਂ ਸੋਸ਼ਲ ਮੀਡੀਏ ਤੇ ਚੱਲ ਰਹੇ ਵੀਡੀਓ ਅਤੇ ਉਸ ਬਾਰੇ ਖ਼ਬਰਾਂ ਤੋਂ ਭਾਜੂ ਸਾਂ, ਪਰ ਅੱਜ ਸਵੇਰੇ ਲੱਗਾ ਕਿ ਉਹ ਤਾਂ ਜ਼ਿੰਦਗ਼ੀ ਖ਼ਤਮ ਕਰ ਰਹੀ ਹੈ, ਮਨਪ੍ਰੀਤ ਕੌਰ, ਤੂੰ ਉਸ ਦੀ ਗੱਲ ਵੀ ਨਹੀਂ ਸੁਣ ਸਕਦੀ ? ਤੇਰਾ ਟ੍ਰਾਮਾ ਉਸ ਦੇ trauma ਤੋਂ ਵੱਡਾ ਤਾਂ ਨਹੀਂ !
ਬਹੁਤ ਸਮਾਂ ਲੱਗਾ ਉਸ ਦੀਆਂ ਗੱਲਾਂ process ਕਰਨ ਨੂੰ, ਤੇ ਫ਼ੇਰ ਰੈੱਡ ਐੱਫ ਐੱਮ ਤੇ ਸੁਣਨ ਵਾਲ਼ਿਆਂ ਦੀ ਕਚਹਿਰੀ ਵਿੱਚ ਲੈ ਆਈ।
ਕਿਥੋਂ ਗੱਲ ਸ਼ੁਰੂ ਕਰੋ ਤੇ ਕਿਥੇ ਮੁਕਾਓ? ਇਹ ਆਖੋ ਕਿ ਇਹ ਸਭ ਤਾਂ ਹੁੰਦਾ ਹੀ ਹੈ, ਨਵਾਂ ਕੀ ਹੈ? ਗੱਲ ਕਿਉਂ ਕਰ ਰਹੇ ਆਂ? ਕਿ ਇਹ ਆਖੋ ਕਿ ਕੁੜੀਆਂ ਨੂੰ, ਔਰਤਾਂ ਨੂੰ ਮਜ਼ਬੂਤ ਹੋਣਾ ਪਵੇਗਾ ? ਮਤਲਬ, ਤੁਸੀਂ ਆਪਣਾ ਸਮਾਜ ਨਾ ਬਦਲਿਓ, ਆਦਮੀਆਂ ਦੀ ਸੋਚ ਨਾ ਬਦਲਿਓ; ਜ਼ਿੰਮੇਵਾਰੀ ਔਰਤਾਂ ਤੇ ਸੁੱਟ ਕੇ ਸੁਰਖ਼ੁਰੂ ਹੋ ਜਾਉ, ਕਿ ਤੁਸੀਂ ਮਜ਼ਬੂਤ ਹੋ ਜਾਉਗੀਆਂ ਤਾਂ ਜਿਉਂ ਲਇਓ, ਨਾ ਮਜ਼ਬੂਤ ਹੋਵੋਗੀਆਂ ਤਾਂ ਮਰੋ ਪਰ੍ਹਾਂ !
ਜਾਂ ਇਹ ਕਹਿ ਕਿ ਵਿਹਲੇ ਹੋ ਜਾਉ, ਕਿ ਇਹਨਾਂ ਪੱਛਮੀ ਮੁਲਕਾਂ ਵਿਚ ਔਰਤਾਂ ਨੂੰ ਬਥੇਰੇ ਹੱਕ-ਹਕੂਕ ਨੇ, ਜੇ ਮਨਦੀਪ ਨੇ ਆਵਾਜ਼ ਨਹੀਂ ਚੁੱਕੀ ਤਾਂ ਕੋਈ ਕੀ ਕਰ ਸਕਦਾ ਹੈ?
ਤੇ ਜੇ ਬਹੁਤਾ ਹੀ ਪੱਲਾ ਝਾੜਨਾ ਹੈ, ਤਾਂ ਕਹਿ ਛੱਡੋ ਕਿ ਔਰਤਾਂ ਵੀ ਤਾਂ ਮਰਦਾਂ ਨੂੰ ਤੰਗ ਕਰਦੀਆਂ ਨੇ। ਗਰਜ਼ ਇਹ ਕਿ ਮੁੱਦੇ ਤੇ ਨਾ ਆਉ, ਮੁੱਦੇ ਨੂੰ ਪੇਤਲਾ ਕਰਦੇ ਜਾਉ ਜਦ ਤਕ ਅੱਗ ਤੁਹਾਡੇ ਆਪਣੇ ਘਰ ਨਹੀਂ ਪੁੱਜਦੀ।
ਇੱਕ ਸੁਹਿਰਦ ਸੁਣਨ ਵਾਲ਼ੇ ਨੇ ਆਖਿਆ ਕਿ ਔਰਤਾਂ ਨੂੰ self-defence ਸਿੱਖਣਾ ਪਵੇਗਾ। ਸੁਣਨ ਨੂੰ ਗੱਲ ਬਿਲਕੁਲ ਗ਼ਲਤ ਨਹੀਂ ਜਾਪਦੀ। ਸਹਿਮਤ ਵੀ ਹੋਣ ਨੂੰ ਤਿਆਰ ਹਾਂ। ਸਵੈ -ਸੁਰੱਖਿਆ ਸਭ ਨੂੰ ਆਉਣੀ ਚਾਹੀਦੀ ਹੈ। ਪਰ ਰੁਕੋ ਜ਼ਰਾ - ਸਵੈ ਸੁਰੱਖਿਆ ਕਿਸ ਖ਼ਿਲਾਫ਼ ? ਆਪਣੇ ਹੀ ਘਰ ਦੇ ਮਰਦਾਂ ਖ਼ਿਲਾਫ਼ ? ਪਿਓ, ਪਤੀ, ਭਰਾ, ਪੁੱਤਰ ਖ਼ਿਲਾਫ਼ ? ਸ਼ਰਮ ਨਹੀਂ ਆਉਂਦੀ ਸਾਨੂੰ ਇਹ ਸਬਕ ਦੇਂਦਿਆਂ ਔਰਤਾਂ, ਬੱਚੀਆਂ ਨੂੰ? ਇੰਨੇ ਇਨਕਾਰੀ ਆਂ ਅਸੀਂ ਇਹ ਮੰਨਣੋਂ ਕਿ ਔਰਤਾਂ, ਕੁੜੀਆਂ ਖ਼ਿਲਾਫ਼ ਹਿੰਸਾ ਤੋਂ ਬਚਾਅ ਕੁੜੀਆਂ ਦਾ ਫਰਜ਼ ਨਹੀਂ, ਸ਼ਰਮ ਨਹੀਂ ਆਉਂਦੀ ਸਾਨੂੰ ਜ਼ਿੰਮੇਵਾਰੀ ਆਇਦ ਕਰਦਿਆਂ ਉਹਨਾਂ ਤੇ, ਬਜਾਇ ਉਹਨਾਂ ਨੂੰ call-out ਕਰਨ ਦੇ ਜਿੰਨ੍ਹਾਂ ਅੰਦਰਲੀ ਮਰਦਾਨਗੀ ਮਹਿਜ਼ ਔਰਤ ਤੇ ਹੱਥ ਚੁੱਕਣ ਤੱਕ ਸੀਮਤ ਹੈ?
ਤੇ ਜਿਹੜੇ ਪੁੱਛਦੇ ਨੇ ਕਿ ਮਨਦੀਪ ਤੇ ਉਹਦੇ ਵਰਗੀਆਂ ਕੁੜੀਆਂ/ਔਰਤਾਂ ਇਹੋ ਜਿਹੇ ਜਾਨਵਰਾਂ ਨੂੰ ਛੱਡ ਕਿਉਂ ਨਹੀਂ ਜਾਂਦੀਆਂ, ਉਹਨਾਂ ਨੇ ਹਿੰਸਾ ਤੇ ਬਦਸਲੂਕੀ (abuse) ਦੇ ਸਾਈਕਲ ਬਾਰੇ ਨਹੀਂ ਪੜ੍ਹਿਆ ? ਕਿ ਕੋਈ ਵੀ ਔਰਤ ਆਪਣੇ ਅਬਯੂਜ਼ਰ ਨੂੰ ਛੱਡ ਕੇ ਘੱਟੋ ਘੱਟ 6-7 ਵਾਰੀ ਮੁੜ ਕੇ ਆਉਂਦੀ ਹੈ, ਕਦੇ ਮਜਬੂਰੀ ਵਿੱਚ, ਕਦੇ ਸਮਾਜ ਦੀ ਦਿੱਤੀ ਸ਼ਰਮ ਕਰਕੇ, ਕਦੇ ਬੱਚਿਆਂ ਦੇ ਮੂੰਹ ਨੂੰ, ਕਦੇ ਆਰਥਿਕ ਕਾਰਨਾਂ ਕਰਕੇ, ਤੇ ਸਭ ਤੋਂ ਵੱਡੀ ਗੱਲ, ਸਾਡੀ ਤੁਹਾਡੀ ਮਦਦ ਦੀ ਥੋੜ੍ਹ ਕਰਕੇ? ਕਿੰਨੇ ਕੁ ਮਾਪੇ ਨੇ, ਭੈਣ-ਭਾਈ ਨੇ ਜਿਹੜੇ ਮਨਦੀਪ ਵਰਗੀਆਂ ਕੁੜੀਆਂ ਨੂੰ ਕਹਿੰਦੇ ਨੇ, ਕਿ ਕੋਈ ਲੋੜ ਨਹੀਂ ਇਸ ਵਹਿਸ਼ੀ ਨਾਲ ਰਹਿਣ ਦੀ, ਚੱਲ ਤੂੰ, ਅਸੀਂ ਤੇਰੀ ਪਿੱਠ ਤੇ ਖੜ੍ਹੇ ਆਂ ? ਕਿਥੇ ਹੈ ਅਣਖ ਸਾਡੀ, ਜਿਹੜੀ ਪਿਸਤੌਲਾਂ ਤੇ ਗਾਣਿਆਂ ਵਿਚ ਡੁਲ੍ਹਦੀ ਫਿਰਦੀ ਹੈ? ਜਿਸ ਸਮਾਜ ਵਿੱਚ ਕੁੜੀਆਂ ਨੂੰ, ਔਰਤਾਂ ਨੂੰ, ਇੱਜ਼ਤ ਨਾਲ ਜਿਉਣ ਦੀ ਇਜਾਜ਼ਤ ਨਹੀਂ, ਕਿਹੜੇ ਮੂੰਹ ਨਾਲ ਦੇਵੀਆਂ ਦੀ ਪੂਜਾ ਕਰਦਾ ਹੈ, ਤੇ ਕਿਹੜੇ ਮੂੰਹ ਨਾਲ 'ਸੋ ਕਿਓਂ ਮੰਦਾ ਆਖੀਐ' ਗਾਉਂਦਾ ਹੈ ਸਵੇਰੇ ਸਵੇਰੇ ਆਸਾ ਦੀ ਵਾਰ ਵਿਚ ?
ਨਾ ਇਹ ਪਹਿਲੀ ਕੁੜੀ ਹੈ, ਜਿਸ ਨੇ ਅਜਿਹਾ ਫ਼ੈਸਲਾ ਕੀਤਾ ਹੈ, ਨਾ ਇਹ ਆਖ਼ਰੀ ਹੋਵੇਗੀ, ਕਿਉਂਕਿ ਸਾਡੀ ਕਥਨੀ ਤੇ ਕਰਨੀ ਵਿੱਚ ਢੇਰ ਫ਼ਰਕ ਹੈ। ਕੈਨੇਡਾ ਵਿੱਚ ਹੀ ਭਰੂਣ ਹੱਤਿਆ (female - foeticide ) ਇੱਕ ਅਸਲੀਅਤ ਹੈ, ਕੈਨੇਡਾ ਵਿਚ ਘਰਾਂ ਵਿਚ ਔਰਤਾਂ ਤੇ ਹੱਥ ਚੁੱਕਣਾ ਅਸਲੀਅਤ ਹੈ; ਪੁਲਸ ਆਉਂਦੀ ਹੈ, ਫੇਰ ਉਹੀ ਔਰਤਾਂ ਇਹਨਾਂ ਹੀ ਮਰਦਾਨਗੀ ਭਰੇ ਮਰਦਾਂ ਦੀ ਜਾਨ ਬਚਾਉਂਦੀਆਂ ਨੇ। ਕਿੰਨੀਆਂ ਹੀ ਔਰਤਾਂ ਨੇ, ਘਰ ਵਿਚ 'ਸ਼ਾਂਤੀ' ਰੱਖੀ ਰੱਖਣ ਖ਼ਾਤਰ ਅੱਧੀ ਅਧੂਰੀ ਜ਼ਿੰਦਗ਼ੀ ਧੂਹੀ ਜਾਂਦੀਆਂ ਨੇ, ਫੇਰ ਇੱਕ ਦਿਨ ਮਰ ਜਾਂਦੀਆਂ ਨੇ। ਪਰ ਸਾਨੂੰ ਕੀ ? ਅਗਲੇ ਦੇ ਘਰ ਦਾ ਮਸਲਾ ਹੈ, ਹੈ ਨਾ? ਆਪਾਂ ਤਾਂ ਸੁਣੀ ਹੀ ਨਹੀਂ ਇਹੋ ਜਿਹੀ ਹੋਈ ਬੀਤੀ ! ਅਸੀਂ ਵਿਚਾਰੇ ਭੋਲ਼ੇ ਪੰਜਾਬੀ, ਅਸੀਂ ਵਿਚਾਰੇ ਅਣਖੀਲੇ ਪੰਜਾਬੀ !!!
ਇੱਕ ਹੋਰ ਸੁਣਨ ਵਾਲ਼ੇ ਨੌਜਵਾਨ ਨੇ ਕਿਹਾ ਕਿ ਇਹੋ ਜਿਹੇ ਬੰਦੇ ਸਾਡੇ ਆਲ਼ੇ ਦੁਆਲ਼ੇ ਨਹੀਂ ਹੁੰਦੇ ਕਿਉਂਕਿ ਇਹਨਾਂ ਦੀ ਕਿਸੇ ਨਾਲ ਬਣਦੀ ਨਹੀਂ ਹੁੰਦੀ। ਗ਼ਲਤ ! ਇਹੋ ਜਿਹੇ ਬੰਦੇ ਬਾਹਰ ਹੋਰ, ਤੇ ਘਰ ਵਿਚ ਹੋਰ ਰੂਪ ਧਾਰਨ ਦੇ ਸਮਰੱਥ ਹੁੰਦੇ ਨੇ। ਉਹਨਾਂ ਔਰਤਾਂ ਨੂੰ ਪੁੱਛੋ ਜੋ ਇਹੋ ਜੇਹਿਆਂ ਨਾਲ਼ ਦਿਨ-ਕੱਟੀ ਕਰ ਰਹੀਆਂ ਨੇ। ਇਹੋ ਜਿਹੇ ਬੰਦੇ ਤੁਹਾਡੇ ਆਲ਼ੇ ਦੁਆਲ਼ੇ ਹੀ ਨੇ ! ਸੱਜਣ, ਬੇਲੀ, ਮਿੱਤਰ ਬਣ ਕੇ ਵਿਚਰਦੇ !
ਵੇਲ਼ਾ ਪੈਣ ਤੇ ਨਾ ਸਿਰਫ਼ ਅਸੀਂ ਅੱਖਾਂ, ਨੱਕ, ਕੰਨ, ਮੂੰਹ ਬੰਦ ਕਰ ਲੈਂਦੇ ਆਂ, ਬਲਕਿ ਇਹੋ ਜਿਹੇ ਮੁੱਦੇ ਨੂੰ ਮਹਿਜ਼ social issue ਕਹਿ ਕੇ ਛੁਟਿਆ ਵੀ ਦੇਂਦੇ ਹਾਂ। ਤੁਹਾਡੇ ਗੁਰੂ ਨੇ ਤੁਹਾਨੂੰ ਕੁੜੀ-ਮਾਰਾਂ ਨਾਲੋਂ ਨਾਤਾ ਤੋੜਨ ਦਾ ਹੁਕਮ ਦਿੱਤਾ ਸੀ, ਕਿਉਂ ਨਹੀਂ ਤੁਸੀਂ ਜ਼ਾਹਰਾ ਤੌਰ ਤੇ ਇਹੋ ਜਿਹਿਆਂ ਤੋਂ ਰਿਸ਼ਤੇ ਤੋੜਦੇ ? ਹੁਣ ਇਹ ਨਾ ਕਹਿਓ ਕਿ ਅਸੀਂ ਤਾਂ ਕਦੇ ਕਿਸੇ ਔਰਤ ਤੇ ਹੱਥ ਨਹੀਂ ਚੁੱਕਿਆ, ਇਹ ਨਾ ਕਹਿਓ ਕਿ ਜੀ ਸਾਡੇ ਲਾਗੇ ਤਾਂ ਕੋਈ ਐਸਾ ਹੈ ਨਹੀਂ, ਜਿਸ ਨੇ ਕਦੇ ਆਪਣੇ ਘਰ ਦੀ ਕਿਸੇ ਔਰਤ ਤੇ ਹੱਥ ਨਾ ਚੁੱਕਿਆ ਹੋਵੇ ਕਿਉਂਕਿ ਅੰਕੜੇ ਦੱਸਦੇ ਨੇ ਕਿ ਹਰ ਚਾਰ ਵਿਚੋਂ ਇੱਕ ਔਰਤ ਨੇ ਇਹ ਹਿੰਸਾ ਝੱਲੀ ਹੈ। ਦੂਜੇ ਅੱਖਰਾਂ ਵਿੱਚ, ਹਰ ਚਾਰ ਵਿਚੋਂ ਘੱਟੋ- ਘੱਟ ਇੱਕ ਬੰਦੇ ਨੇ ਇਹ ਮਹਾਨ ਕਾਰਾ ਅੰਜਾਮ ਦਿੱਤਾ ਹੈ। ਝਾਕੋ ਤਾਂ ਭਲਾ ਆਪਣੇ ਆਲ਼ੇ ਦੁਆਲ਼ੇ , ਦੀਹਂਦਾ ਕੋਈ ? ਹੈ ਹਿੰਮਤ ਤਾਂ ਤੋੜੋ ਨਾਤਾ ਉਸ ਨਾਲ਼ੋਂ, ਫੇਰ ਵੇਖਿਓ ਕਿੱਦਾਂ ਸਿੱਧੇ ਹੁੰਦੇ ! ਇਸ ਹਿੰਸਾ ਨੂੰ ਤੁਹਾਡੀ ਸਾਡੀ ਪਰਵਾਨਗੀ , acceptance ਨੇ ਅੱਗੇ ਤੋਰਿਆ ਹੈ। ਇਹ ਉੱਦਣ ਹਟਣੀ, ਜਿੱਦਣ focus ਹਿੰਸਾ ਕਾਰਨ ਵਾਲੇ ਹੈਂਸਿਆਰੇ ਤੇ ਆਇਆ, ਜਿੱਦਣ ਇਹੋ ਜਿਹਿਆਂ ਨੂੰ ਮਸ਼ਹੂਰ ਕੀਤਾ। ਪਰਦੇ ਪਾਈ ਜਾਓਗੇ ਤਾਂ ਇੱਕ ਦਿਨ ਸੇਕ ਲੱਗੇਗਾ ਆਪ ਨੂੰ ਵੀ !
ਕਿਰਪਾ ਕਰਕੇ 'ਵਾਹਿਗੁਰੂ ਜੀ' ਤੇ 'ਸੋ-ਸੈਡ' ਵਾਲ਼ੇ ਐਥਿਓਂ ਪਰ੍ਹਾਂ ਰਹਿਓ।
Written in August 2022
Subscribe to:
Post Comments (Atom)
No comments:
Post a Comment